ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਆਈ.ਆਈ.ਟੀ. ਰੁੜਕੀ ਅਤੇ ਫਿਨਲੈਂਡ ਲੈਬਜ਼ ਨਵੀਂ ਦਿੱਲੀ ਦੇ ਸਹਿਯੋਗ ਨਾਲ “ਆਈ.ਫੈਸਟ ਐਪਸ ਫਲੱਕਸਿਸ-2014 ਨੈਸ਼ਨਲ ਐਂਡਰਾਇਡ ਐਪਲੀਕੇਸ਼ਨਜ਼ ਚੈਂਪੀਅਨਸ਼ਿਪ ਵਰਕਸ਼ਾਪ“ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਰਾਜੇਸ਼ ਕੁਮਾਰ ਬਾਵਾ ਨੇ ਕਿਹਾ ਕਿ ਐਂਡਰਾਇਡ ਮੋਬਾਇਲ ਫੋਨ ਦੀਆਂ ਅਣਗਿਣਤ ਐਪਲੀਕੇਸ਼ਨਜ਼ ਅੱਜ ਵਰਤੀਆਂ ਜਾ ਰਹੀਆਂ ਹਨ। ਮੋਬਾਈਲ ਵਿਕਸਤ ਕਰਨ ਵਾਲੀਆਂ 71 ਪ੍ਰਤੀਸ਼ਤ ਕੰਪਨੀਆਂ ਐਂਡਰਾਇਡ ਪਲੇਟਫਾਰਮ ਦੀ ਹੀ ਵਰਤੋਂ ਕਰ ਰਹੀਆਂ ਹਨ। ਇਸ ਵਰਕਸ਼ਾਪ ਦੌਰਾਨ ਅਧਿਆਪਕ ਤੇ ਵਿਦਿਆਰਥੀ ਇਨ੍ਹਾਂ ਐਪਲੀਕੇਸ਼ਨਜ਼ ਨੂੰ ਆਪ ਤਿਆਰ ਕਰਨ ਦੀ ਟ੍ਰੇਨਿੰਗ ਲੈਣਗੇ ਤੇ ਇਸ ਦੇ ਤਕਨੀਕੀ ਪੱਖਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨਾਂ ਤੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੂਚਨਾ ਤੇ ਸੰਚਾਰ ਤਕਨਾਲੋਜੀ ਵਿਚ ਬਹੁਤ ਤੇਜ਼ੀ ਨਾਲ ਨਵੀਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ। ਇਸ ਖੇਤਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਨਵੀਨਤਮ ਤਕਨੀਕਾਂ ਨਾਲ ਆਪਣੇ ਆਪ ਨੂੰ ਲੈਸ ਕਰਨ। ਇਸ ਉਦੇਸ਼ ਦੀ ਪੂਰਤੀ ਹੀ ਵਿਚਾਰਾਧੀਨ ਵਰਕਸ਼ਾਪ ਦਾ ਮੁੱਖ ਮਕਸਦ ਹੈ।
ਫਿਨਲੈਂਡ ਲੈਬਜ਼ ਨਵੀਂ ਦਿੱਲੀ ਤੋਂ ਆਏ ਇਸ ਖੇਤਰ ਦੇ ਵਿਸ਼ੇਸ਼ ਟ੍ਰੇਨਰ ਸ੍ਰੀ ਵਿਸ਼ਾਲ ਰਸਤੋਗੀ ਅਤੇ ਸ੍ਰੀ ਅੰਕਿਤ ਕੁਮਾਰ ਨੇ ਡੈਲੀਗੇਟਾਂ ਨੂੰ ਐਂਡਰਾਇਡ ਐਪਲੀਕੇਸ਼ਨਜ਼ ਆਪ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਅਤੇ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ।
ਦੋ-ਰੋਜ਼ਾ ਵਰਕਸ਼ਾਪ ਦੇ ਵਿਦਾਇਗੀ ਸ਼ੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਨੀਰਜ ਸ਼ਰਮਾ ਨੇ ਕੀਤੀ।
ਇਸ ਵਰਕਸ਼ਾਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਸਮੇਤ ਅਨੇਕਾਂ ਉਚੇਰੀਆਂ ਵਿਦਿਅਕ ਸੰਸਥਾਵਾਂ ਤੋਂ 67 ਡੈਲੀਗੇਟਾਂ ਨੇ ਹਿੱਸਾ ਲਿਆ।
ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਸੀ.ਪੀ. ਕੰਬੋਜ ਨੇ ਵੀ ਬਤੌਰ ਡੈਲੀਗੇਟ ਇਸ ਵਰਕਸ਼ਾਪ ਵਿਚ ਹਿੱਸਾ ਲਿਆ ਤੇ ਅਨੇਕਾਂ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਵਰਕਸ਼ਾਪ ਦੇ ਕਨਵੀਨਰ ਪ੍ਰੋ. ਵਿਨੇ ਗਰਗ ਅਤੇ ਪ੍ਰੋ. ਅਜੀਤ ਕੁਮਾਰ ਨੇ ਦੱਸਿਆ ਕਿ ਇਸ ਵਰਕਸ਼ਾਪ ਦੇ ਮਹੱਤਵ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸਤੰਬਰ 2013 ਤੱਕ 10 ਲੱਖ ਐਂਡਰਾਇਡ ਐਪਲੀਕੇਸ਼ਨਜ਼ ਪਬਲਿਸ਼ ਹੋ ਚੁੱਕੀਆਂ ਸਨ ਅਤੇ 50 ਬਿਲੀਅਨ ਡਾਊਨਲੋਡ ਹੋ ਚੁੱਕੀਆਂ ਸਨ। ਇਸ ਦੀ ਮਾਰਕੀਟ ਵੀ ਤੇਜ਼ੀ ਨਾਲ ਵਿਕਸਤ ਹੋ ਰਹੀ ਹੈ। ਇਸ ਵਕਰਸ਼ਾਪ ਦੌਰਾਨ ਮੰਚ ਸੰਚਾਲਨ ਪ੍ਰੋ. ਹਰਮੋਹਨ ਸ਼ਰਮਾ ਅਤੇ ਪ੍ਰੋ. ਗਣੇਸ਼ ਸੇਠੀ ਨੇ ਕੀਤਾ। ਪ੍ਰੋ. ਸੁਖਦੇਵ ਸਿੰਘ, ਪ੍ਰੋ. ਰੋਹਿਤ ਸਚਦੇਵਾ, ਪ੍ਰੋ. ਸੁਮੀਤ ਕੁਮਾਰ ਤੇ ਪ੍ਰੋ. ਪੂਨਮ ਸ਼ਰਮਾ ਨੇ ਇਸ ਵਰਕਸ਼ਾਪ ਦੇ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ।